ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਇਥੋਂ ਦੇ ਲੋਕਾਂ ਦੇ ਵਿਕਾਸ ਲਈ ਨਿਸ-ਦਿਨ ਕੀਤੇ ਜਾ ਰਹੇ ਅਸੀਮ ਤੇ ਮਹੱਤਪੂਰਨ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉੱਦਮੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਅਤੇ ਪੰਜਾਬੀਆਂ ਦੇ ਚੰਗੇਰੇ ਭਵਿੱਖ ਲਈ ਨਵੀਂ ਉਮੀਦ ਜਗਾਈ ਹੈ।
ਪੰਜਾਬ ਸਰਕਾਰ ਦੇ ਕੰਮਕਾਜ ਦੀ ਸ਼ਲਾਘਾ ਕਰਦਿਆਂ ਫੁਟਵੀਅਰ ਐਸੋਸੀਏਸ਼ਨ ਦੇ ਵਰੁਣ ਜੈਰਥ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਓ.ਟੀ.ਐਸ ਸਕੀਮ ਦੀ ਸਮਾਂ ਸੀਮਾ ਦੋ ਮਹੀਨੇ ਵਧਾਏ ਜਾਣ ਵਾਲੀ ਮੰਗ ਨੂੰ ਤੁਰੰਤ ਪ੍ਰਵਾਨ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਇਹ ਸਮਾਂ ਸੀਮਾ ਪਹਿਲੋਂ 15 ਮਾਰਚ ਨੂੰ ਖ਼ਤਮ ਹੋ ਰਹੀ ਸੀ, ਜੋ ਹੁਣ 15 ਮਈ ਤੱਕ ਵਧਾ ਦਿੱਤੀ ਗਈ ਹੈ।
ਕੁੱਕੂ ਐਕਸਪੋਰਟਸ ਦੇ ਦਿਨੇਸ਼ ਪੁਰੀ ਨੇ ਮਾਨ ਸਰਕਾਰ ਦੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਵਰਗੇ ਨੇਕ ਤੇ ਸੁਚੱਜੇ ਉਪਰਾਲੇ ਦੀ ਸ਼ਲਾਘਾ ਕੀਤੀ ਕਿਉਂਕਿ ਉਨ੍ਹਾਂ ਨੂੰ ਮਹਿਜ਼ ਅੱਧੇ ਘੰਟੇ ਵਿੱਚ ਹੀ ਆਪਣੇ ਘਰ ਨੇੜਲੇ ਕੈਂਪਾਂ ਤੋਂ ਆਪਣੇ ਪੁੱਤਰ ਦਾ ਜਨਮ ਸਰਟੀਫਿਕੇਟ ਪ੍ਰਾਪਤ ਹੋ ਗਿਆ ਸੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਚੀਨ ਤੋਂ ਘੱਟ ਕੀਮਤ ’ਤੇ ਦਰਾਮਦ ਕੀਤੇ ਜਾ ਰਹੇ ਕੱਪੜੇ (ਫੈਬਰਿਕ) ’ਤੇ ਰੋਕ ਲਗਾਉਣ ਦੀ ਵੀ ਅਪੀਲ ਕੀਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਜਲਦ ਹੀ ਕੇਂਦਰ ਸਰਕਾਰ ਕੋਲ ਮੁੱਦਾ ਉਠਾਉਣਗੇ।
ਬਾਬਾ ਚਿਕਨ ਤੋਂ ਹਰਮੀਕ ਸਿੰਘ ਨੇ ‘ਮੇਰਾ ਬਿੱਲ, ਮੇਰਾ ਅਧਿਕਾਰ’ ਐਪ ਦੀ ਸ਼ਲਾਘਾ ਕੀਤੀ, ਕਿਉਂ ਜੋ ਹੁਣ ਇਸ ਨੇ ਟੈਕਸਦਾਤਾਵਾਂ ਨੂੰ ਸਹੀ ਤੇ ਸੁਚੱਜਾ ਮੰਚ ਪ੍ਰਦਾਨ ਕੀਤਾ ਹੈ। ਟੈਕਸ ਨਾ ਭਰਨ ਵਾਲਿਆਂ ਨੇ ਵੀ ਟੈਕਸ ਭਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇਹ ਐਪ ਜਾਅਲੀ ਬਿੱਲਾਂ ਦੀ ਬੜੀ ਆਸਾਨੀ ਨਾਲ ਜਾਂਚ ਕਰ ਲੈਂਦੀ ਹੈ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਸਬੰਧੀ ਬੇਨਤੀ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸਤਹੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੀ ਸਹੂਲਤ ਦੇਣ ਤੋਂ ਇਲਾਵਾ ਜਲਦ ਹੀ ਉਦਯੋਗਿਕ ਯੂਨਿਟ ਨੂੰ ਵੀ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਜਲਦ ਹੀ 24*7 ਸਿੱਧਵਾਂ ਨਹਿਰ ਅਧਾਰਤ ਸਤਹੀ ਜਲ ਸਪਲਾਈ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ।
ਇੱਕ ਟਿਸ਼ੂ ਨਿਰਮਾਤਾ ਤਲਵਿੰਦਰ ਕੁਮਾਰ ਨੇ ਵੀ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੋਰਾਹਾ ਅਤੇ ਖੰਨਾ ਵਿਖੇ ਸੀ.ਸੀ.ਟੀ.ਵੀ. ਲਗਾਏ ਜਾਣ ਦੀ ਉਨ੍ਹਾਂ ਦੀ ਮੰਗ ਨੂੰ ਤੁਰੰਤ ਸਵੀਕਾਰ ਕਰ ਲਿਆ।
ਇੰਟੀਗ੍ਰੇਟਿਡ ਟੈਕਸਟਾਈਲ ਐਂਡ ਨਿਟਵੇਅਰਜ਼ ਤੋਂ ਰਾਜੇਸ਼ ਗੁਪਤਾ ਨੇ ਸਮੇਂ ਸਿਰ ਰਿਫੰਡ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੂੰਜੀਗਤ ਵਸਤਾਂ ’ਤੇ ਅਦਾ ਕੀਤੇ ਟੈਕਸ ’ਚ ਰਾਹਤ ਦੇਣ ਦਾ ਮੁੱਦਾ ਜੀ.ਐੱਸ.ਟੀ. ਕੌਂਸਲ ਕੋਲ ਉਠਾਉਣ ਦਾ ਵੀ ਭਰੋਸਾ ਦਿੱਤਾ ।
+ There are no comments
Add yours