ਪੰਜਾਬ ਦਾ ਖੇਡਾਂ ਨਾਲ ਗੂੜ੍ਹਾ ਰਿਸ਼ਤਾ ਹੈ। ਇਸ ਧਰਤੀ ਉਤੇ ਪੈਦਾ ਹੋਏ ਖਿਡਾਰੀਆਂ ਨੇ ਦੇਸ਼ ਅਤੇ ਦੁਨੀਆਂ ਵਿੱਚ ਨਾਮ ਚਮਕਾਇਆ ਹੈ।ਪਿਛਲੇ ਕੁਝ ਦਹਾਕਿਆਂ ਵਿੱਚ ਕੌਮੀ ਪੱਧਰ ਉੱਤੇ ਪੰਜਾਬ ਪਛੜ ਗਿਆ ਸੀ ਜਿਸ ਨੂੰ ਲੈ ਕੇ ਮੌਜੂਦਾ ਸਰਕਾਰ ਬਹੁਤ ਗੰਭੀਰ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਦੀ ਖੇਡਾਂ ਵਿੱਚ ਮੁੜ ਪੁਰਾਣੀ ਸ਼ਾਨ ਬਹਾਲ ਕਰਨ ਲਈ ਉਪਰਾਲੇ ਕਰ ਰਹੀ ਹੈ ਜਿਸ ਦੀ ਸ਼ੁਰੂਆਤ ਨਵੀਂ ਖੇਡ ਨੀਤੀ ਤੋਂ ਹੋਈ।
ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਇੱਕ ਖੇਡ ਮੈਗਜ਼ੀਨ ਵੱਲੋਂ ਕਰਵਾਈ ‘ਸਪੋਰਟਸ ਕਨਕਲੇਵ’ ਦੇ ਉਦਘਾਟਨ ਮੌਕੇ ਕੁੰਜੀਵਤ ਭਾਸ਼ਣ ਦਿੰਦਿਆਂ ਕਹੀ। ਇਸ ਮੌਕੇ ਉਨ੍ਹਾਂ ਵਿਸ਼ਵ ਕੱਪ ਜੇਤੂ ਹਾਕੀ ਓਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਅਤੇ ਜੂਨੀਅਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਉਦੇ ਸਹਾਰਨ ਨੂੰ ਸਨਮਾਨਤ ਵੀ ਕੀਤਾ।
ਮੀਤ ਹੇਅਰ ਨੇ ਕਿਹਾ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈਆਂ ਪਿਛਲੇ ਦੋ ਸਾਲਾਂ ਤੋਂ ਨਿਰੰਤਰ ਕੰਮ ਕੀਤੇ ਜਾ ਰਹੇ ਹਨ ਜਿਸ ਦੇ ਸਾਰਥਿਕ ਨਤੀਜੇ ਪਿਛਲੇ ਸਾਲ ਏਸ਼ੀਅਨ ਗੇਮਜ਼ ਦੌਰਾਨ ਸਾਹਮਣੇ ਆਏ ਜਦੋਂ ਪੰਜਾਬ ਦੇ 32 ਖਿਡਾਰੀਆਂ ਨੇ 72 ਸਾਲ ਦੇ ਰਿਕਾਰਡ ਤੋੜਦਿਆਂ 20 ਤਮਗ਼ੇ ਜਿੱਤੇ। ਨਵੀਂ ਖੇਡ ਨੀਤੀ ਤਹਿਤ ਹਰ ਖੇਡ ਦੀ ਤਿਆਰੀ ਲਈ ਨਗਦ ਇਨਾਮ ਰਾਸ਼ੀ ਰੱਖੀ ਗਈ। ਪਹਿਲੀ ਵਾਰ ਏਸ਼ੀਅਨ ਗੇਮਜ਼ ਵਿੱਚ ਹਿੱਸਾ ਲੈਣ ਗਏ 58 ਪੰਜਾਬੀ ਖਿਡਾਰੀਆਂ ਨੂੰ ਤਿਆਰੀ ਲਈ 8 ਵੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਗਏ। ਹੁਣ ਓਲੰਪਿਕ ਖੇਡਾਂ ਦੀ ਤਿਆਰੀ ਲਈ 15 ਲੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਜਾਣਗੇ। 1000 ਖੇਡ ਨਰਸਰੀ ਸਥਾਪਤ ਕੀਤੀ ਜਾ ਰਹੀ ਹੈ ਜਿਸ ਵਿੱਚੋਂ ਪਹਿਲੇ ਫੇਜ਼ ਵਿੱਚ 260 ਨਰਸਰੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਖੇਡ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਧਿਆਨ ਹੇਠਲੇ ਪੱਧਰ ਉੱਤੇ ਪ੍ਰਤਿਭਾ ਦੀ ਸ਼ਨਾਖ਼ਤ ਕਰ ਕੇ ਉਸ ਨੂੰ ਅੱਗੇ ਵਧਣ ਦੇ ਮੌਕੇ ਦੇਣਾ ਹੈ। ਟਰਾਇਲ ਵੀ ਹਰ ਜਗ੍ਹਾਂ ਲੈ ਕੇ ਜਾ ਰਹੀ ਹੈ। ਜਿਸ ਇਲਾਕੇ ਵਿੱਚ ਜਿਹੜੀ ਖੇਡ ਵੱਧ ਮਕਬੂਲ ਹੈ, ਉਸੇ ਖੇਡ ਦੀ ਨਰਸਰੀ ਦਿੱਤੀ ਜਾ ਰਹੀ ਹੈ।ਮੈਡਲ ਜੇਤੂ ਖਿਡਾਰੀਆਂ ਲਈ 500 ਪੋਸਟਾਂ ਦਾ ਵੱਖਰਾ ਕਾਡਰ ਬਣਾਇਆ ਗਿਆ ਹੈ ਜਿਸ ਲਈ ਖਿਡਾਰੀਆਂ ਨੂੰ ਨੌਕਰੀ ਦੀ ਗਾਰੰਟੀ ਮਿਲੇਗੀ। ਉਨ੍ਹਾਂ ਕਿਹਾ ਕਿ ਮਹਿਜ਼ ਦੋ ਸਾਲ ਤੋਂ ਘੱਟ ਵਕਫ਼ੇ ਦੌਰਾਨ ਸਟੇਟ, ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਦੇ ਜੇਤੂ 24,164 ਪੰਜਾਬੀ ਖਿਡਾਰੀਆਂ ਨੂੰ ਕੁੱਲ 74.96 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।
+ There are no comments
Add yours